ਅੰਮ੍ਰਿਤਸਰ, 14 ਫਰਵਰੀ (ਸਾਹਿਬ ਸੰਧੂ, ਸੁਰਿੰਦਰ ਗੋਇਲ) - ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਰਾਜਸਥਾਨ ਦੇ ਜਿਲ੍ਹਾ ਗੰਗਾਨਗਰ ਦੇ ਪਿੰਡ ਪੀਲੀਆ ਬੰਗਾ ਵਿਖੇ ਪੁਲਿਸ ਵੱਲੋਂ ਇੱਕ ਡੇਰੇ ਦੀ ਕੰਧ ਢਾਹ ਕੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪਾਂ ਨੂੰ ਪਾਣੀ ਵਿੱਚ ਸੁੱਟਣ ਦੀ ਕੀਤੀ ਗਈ ਘਿਨਾਉਣੀ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਰਾਜਸਥਾਨ ਸਰਕਾਰ ਨੂੰ ਚਿਤਾਵਨੀ ਤੇ ਰੋਹ ਭਰੇ ਲਫਜ਼ਾਂ ਵਿੱਚ ਕਿਹਾ ਹੈ ਕਿ, ਦੋਸ਼ੀ ਪੁਲਿਸ ਅਧਿਕਾਰੀ ਤੇ ਮੁਲਾਜਮਾਂ ਦੇ ਖਿਲਾਫ ਬਿਨਾਂ ਕਿਸੇ ਦੇਰੀ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਦੋਸ਼ੀਆ ਨੂੰ ਕੜੀ ਤੋਂ ਕੜੀ ਸਜ਼ਾ ਦਿਵਾਉਣ ਦੀ ਵਿਵਸਥਾ ਕੀਤੀ ਜਾ ਸਕੇ। ਜਾਰੀ ਇੱਕ ਬਿਆਨ ਰਾਹੀਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ, ਪਿੰਡ ਪੀਲੀਆ ਬੰਗਾਂ ਵਿੱਚ ਸਥਿਤ ਡੇਰਾ ਸੂਰਜ ਮੁੰਨੀ ਦਾ ਕੋਈ ਝਗੜਾ ਚੱਲਦਾ ਸੀ ਅਤੇ ਪੁਲਿਸ ਨੇ ਡੇਰੇ ਦੀਆਂ ਕੰਧਾਂ ਢਾਹ ਕੇ ਡੇਰੇ ਵਿੱਚ ਬਿਰਾਜਮਾਨ ਸ੍ਰੀ ਗੁਰੂ ਗਰੰਥ ਸਾਹਿਬ ਦੇ ਚਾਰ ਸਰੂਪਾਂ ਨੂੰ ਬੜੀ ਬੇਰਹਿਮੀ ਨਾਲ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤਾ, ਜਿਸ ਦਾ ਕੜਾ ਨੋਟਿਸ ਲੈਂਦਿਆਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਉਥੇ ਇਕੱਠੀਆ ਹੋ ਗਈਆਂ। ਉਹਨਾਂ ਕਿਹਾ ਕਿ, ਸੰਗਤਾਂ ਨੇ ਭਾਵੇਂ ਪਾਣੀ ਵਿੱਚੋਂ ਗੁਰੂ ਸਾਹਿਬ ਦੇ ਸਰੂਪ ਲੱਭ ਕੇ ਗੁਰਦੁਆਰਾ ਵਿਖੇ ਸਤਿਕਾਰ ਸਹਿਤ ਬਿਰਾਜਮਾਨ ਕਰਵਾ ਦਿੱਤੇ ਹਨ, ਪਰ ਸੰਗਤਾਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ, ਡੇਰੇ ਨਾਲ ਤਾਂ ਝਗੜਾ ਹੋ ਸਕਦਾ ਸੀ, ਪਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਨ ਦੀ ਉਹਨਾਂ ਨੂੰ ਸਮਝ ਨਹੀਂ ਆਈ ਕਿ ਪੁਲਿਸ ਨੇ ਅਜਿਹੀ ਘਿਨਾਉਣੀ ਹਰਕਤ ਕਿਉਂ ਕੀਤੀ ਹੈ? ਉਹਨਾਂ ਕਿਹਾ ਕਿ, ਇਹ ਕਿਸੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਹੋਇਆ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਰਾਜਸਥਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ, ਸਰਕਾਰ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕਰੇ ਨਹੀਂ ਤਾਂ ਸੰਗਤਾਂ ਵਿੱਚ ਪਾਇਆ ਜਾ ਰਿਹਾ ਰੋਸ ਕਿਸੇ ਵੇਲੇ ਵੀ ਵਿਰਾਟ ਰੂਪ ਧਾਰਨ ਕਰ ਸਕਦਾ ਹੈ, ਜੋ ਸਰਕਾਰ ਲਈ ਘਾਟੇ ਦਾ ਸੌਦਾ ਹੋਵੇਗਾ। ਉਹਨਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੰਕਟ ਦੀ ਘੜੀ ਸਮੇਂ ਸ਼ਾਂਤੀ ਬਣਾਈ ਰੱਖਣ ਅਤੇ ਚੌਪਈ ਸਾਹਿਬ ਦੇ ਪਾਠ ਵੱਧ ਤੋਂ ਵੱਧ ਕਰਨ ਦੇ ਨਾਲ ਨਾਲ ਸਰਕਾਰ 'ਤੇ ਵੀ ਦਬਾ ਬਣਾਈ ਰੱਖਣ ਤਾਂ ਕਿ ਦੋਸ਼ੀਆਂ ਦੇ ਖਿਲਾਫ ਕੜੀ ਕਾਰਵਾਈ ਹੋ ਸਕੇ। ਪੰਜਾਬ ਸਰਕਾਰ ਦਾ ਧਿਆਨ ਵੀ ਉਹਨਾਂ ਨੇ ਇਸ ਘਟਨਾ ਵੱਲ ਦਿਵਾਉਂਦਿਆਂ ਕਿਹਾ ਕਿ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਤੁਰੰਤ ਰਾਜਸਥਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਨੂੰ ਯਕੀਨੀ ਬਨਾਉਣ ਤਾਂ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰ ਸਕੇ।
ਪੁਲਿਸ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਪਾਣੀ ਵਿੱਚ ਸੁੱਟਣ ਦੀ ਜਥੇਦਾਰਾਂ ਵੱਲੋਂ ਨਿਖੇਧੀ
Started by RIMPIBASRA, Feb 15 2012 02:50 AM
3 replies to this topic











